Go Back   Punjabi Junktion » :- Mature Discussions -: » Roots and Culture

Waris Shah of 21st Century - Satinder Sartaj

This is a discussion on Waris Shah of 21st Century - Satinder Sartaj within the Roots and Culture forums, part of the :- Mature Discussions -: category; Waris Shah of 21st Century - Satinder Sartaj ਸੰਗੀਤ ਹਿੰਦੁਸਤਾਨੀਆਂ ਦੇ ਖੂਨ ਵਿੱਚ ਰਚਿਆ ਹੋਇਆ ਹੈ । ਜਿੱਥੇ ਅਕਬਰ ਦੇ ...

Reply
  #1  
Old 01-24-2011
marjana
 
Heart Waris Shah of 21st Century - Satinder Sartaj

Waris Shah of 21st Century - Satinder Sartaj


ਸੰਗੀਤ ਹਿੰਦੁਸਤਾਨੀਆਂ ਦੇ ਖੂਨ ਵਿੱਚ ਰਚਿਆ ਹੋਇਆ ਹੈ । ਜਿੱਥੇ ਅਕਬਰ ਦੇ ਰਾਜ ਵਿੱਚ ਤਾਨਸੇਨ ਵਰਗਾ ਗਾਇਕ ਉਸਦੇ ਨੌਂ ਰਤਨਾਂ ਵਿੱਚ ਸ਼ਾਮਿਲ ਸੀ, ਉੱਥੇ ਔਰੰਗਜ਼ੇਬ ਦੇ ਸਾਸ਼ਨਕਾਲ ਵਿੱਚ ਸੰਗੀਤ ਦਾ ਪਤਨ ਸ਼ੁਰੂ ਹੋਇਆ । ਔਰੰਗਜੇ਼ਬ ਦਾ ਵਿਚਾਰ ਸੀ ਕਿ ਸੰਗੀਤ ਬੰਦੇ ਨੂੰ ਰੱਬ ਤੋਂ ਦੂਰ ਕਰਦਾ ਹੈ । ਉਸਨੇ ਆਪਣੇ ਰਾਜ ਚੋਂ ਸੰਗੀਤ ਤੇ ਸੰਗੀਤਕਾਰਾਂ ਨੂੰ ਖਤਮ ਕਰਨ ਲਈ ਫਰਮਾਨ ਜਾਰੀ ਕੀਤਾ । ਇਸ ਫਰਮਾਨ ਦੇ ਤਹਿਤ ਗੀਤ ਸੰਗੀਤ ਵਾਲੇ ਬੰਦੇ ਨੂੰ ਕੈਦ ਤੋਂ ਲੈ ਕੇ ਫਾਂਸੀ ਤੱਕ ਦੀ ਸਜ਼ਾ ਹੋ ਸਕਦੀ ਸੀ । ਵਿਆਹਾਂ ਸ਼ਾਦੀਆਂ ਆਦਿ ਵਿੱਚ ਵੀ ਨੱਚਣ ਟੱਪਣ ਤੇ ਰੋਕ ਲਗਾ ਦਿੱਤੀ ਗਈ । ਸੰਗੀਤ ਦੇ ਚਹੇਤੇ ਸ਼ਹਿਰ ਛੱਡ ਕੇ ਵੀਰਾਨਿਆਂ ਚ ਜਾ ਲੁਕੇ ਤੇ ਉੱਥੇ ਲੁਕ ਛਿਪ ਕੇ ਰਿਆਜ਼ ਕਰਦੇ । ਅਕਬਰ ਤੋਂ ਬਾਅਦ ਔਰੰਗਜ਼ੇਬ ਵੀ ਇਸ ਦੁਨੀਆਂ ਤੋਂ ਚਲਾ ਗਿਆ ਪਰ ਸੰਗੀਤ ਤੇ ਪਾਬੰਦੀ ਜਾਰੀ ਰਹੀ । ਮੁੜ ਇੱਕ ਅਜਿਹਾ ਸਮਾਂ ਆਇਆ ਜਦ ਕਿ ਸੰਗੀਤ ਨੂੰ ਜਿੰ਼ਦਾ ਰੱਖਣ ਲਈ ਅੱਲ੍ਹਾ ਤਾਲਾ ਨੇ ਇੱਕ ਸ਼ਖਸ ਦੀ ਜਿੰਮੇਵਾਰੀ ਲਗਾਈ, ਜੋ ਕਿ ਵਾਰਿਸ ਸ਼ਾਹ ਦੇ ਨਾਮ ਨਾਲ ਜਾਣਿਆ ਜਾਂਦਾ ਹੈ । ਉਸਨੇ ਸੂਫ਼ੀ ਸੰਗੀਤ ਦੀ ਅਜਿਹੀ ਲੀਹ ਤੋਰੀ, ਜਿਸਤੇ ਚੱਲਦਿਆਂ ਮੌਜੂਦਾ ਸਮੇਂ ਦੇ ਕਈ ਗਾਇਕ ਬੜਾ ਨਾਮਣਾ ਖੱਟ ਚੁੱਕੇ ਹਨ । ਮੌਜੂਦਾ ਸਮੇਂ ਵਿੱਚ ਕਿਸੇ ਸ਼ਹਿਨਸ਼ਾਹ ਵੱਲੋਂ ਨਾ ਤਾਂ ਸੰਗੀਤ ਤੇ ਪਾਬੰਦੀ ਲਗਾਈ ਗਈ ਹੈ ਤੇ ਨਾ ਹੀ ਸੰਗੀਤ ਜਾਂ ਗਾਇਕਾਂ ਦੇ ਖਿਲਾਫ਼ ਕਿਸੇ ਕਿਸਮ ਦਾ ਫਰਮਾਨ ਜਾਰੀ ਹੋਇਆ ਹੈ ਪਰ ਪੰਜਾਬੀ ਸੰਗੀਤ ਲਗਾਤਾਰ ਆਪਣੇ ਪਤਨ ਵੱਲ ਵਧ ਰਿਹਾ ਹੈ । ਇਸ ਦਾ ਪ੍ਰਮੁੱਖ ਕਾਰਣ ਗੀਤਾਂ ਤੇ ਗਾਇਕੀ ਦੇ ਮਿਆਰ ਵਿੱਚ ਲਗਾਤਾਰ ਆ ਰਿਹਾ ਨਿਘਾਰ ਹੈ । ਅਜਿਹੇ ਗੀਤ ਵੱਡੀ ਗਿਣਤੀ ਵਿੱਚ ਗਾਏ ਜਾ ਰਹੇ ਹਨ, ਜੋ ਕਿ ਪਰਿਵਾਰ ਵਿੱਚ ਬੈਠ ਕੇ ਸੁਨਣਯੋਗ ਨਹੀਂ ਹਨ । ਗਾਇਕੀ ਦੇ ਆਸਮਾਨ ਵਿੱਚ ਲਗਾਤਾਰ ਛਾ ਰਹੀ ਇਸ ਕਾਲੀ ਬੋਲੀ ਰਾਤ ਵਿੱਚ ਅਚਾਨਕ ਹੀ ਇੱਕ ਸਿਤਾਰੇ ਨੇ ਆਪਣੀ ਚਮਕ ਦਾ ਅਹਿਸਾਸ ਕਰਵਾਇਆ ਹੈ, ਜਿਸਦਾ ਨਾਮ ਹੈ ਸਤਿੰਦਰ ਸਰਤਾਜ । ਸਤਿੰਦਰ ਸਰਤਾਜ, ਜਿਸਦੇ ਸਰੋਤੇ ਉਸਨੂੰ ਅੱਜ ਦਾ ਵਾਰਿਸ ਸ਼ਾਹ ਦੀ ਉਪਾਧੀ ਉਸ ਸਮੇਂ ਹੀ ਦੇ ਚੁੱਕੇ ਹਨ, ਜਦ ਕਿ ਉਸਦੀ ਇੱਕ ਵੀ ਕੈਸਿਟ ਮਾਰਕਿਟ ਵਿੱਚ ਨਹੀਂ ਆਈ । ਢੋਲ-ਢਮੱਕਿਆਂ ਦੇ ਵਧਦੇ ਜਾ ਰਹੇ ਸ਼ੋਰ ਸ਼ਰਾਬੇ ਦੇ ਦੌਰ ਵਿੱਚ ਉਸਨੇ ਮਧੁਰ ਸੰਗੀਤ ਤੇ ਆਨੰਦਦਾਇਕ ਸ਼ਾਇਰੀ ਦਾ ਅਹਿਸਾਸ ਕਰਵਾਇਆ ਹੈ । ਸਤਿੰਦਰ, ਜਿਸਦੇ ਇੱਕ-ਇੱਕ ਸਿ਼ਅਰ ਤੇ ਲੱਖਾਂ ਦੁਆਵਾਂ ਦੇਣ ਨੂੰ ਜੀਅ ਕਰਦਾ ਹੈ, ਜਦ ਗਾਇਨ ਕਰਦਾ ਹੈ ਤਾਂ ਜਾਪਦਾ ਹੈ ਜਿਵੇਂ ਵਰ੍ਹਿਆਂ ਤੋਂ ਤਪ ਰਹੇ ਰੇਗਿਸਤਾਨ ਵਿੱਚ ਨਿੱਕੀਆਂ-ਨਿੱਕੀਆਂ ਕਣੀਆਂ ਦਾ ਮੀਂਹ ਪੈ ਰਿਹਾ ਹੋਵੇ, ਮਾਰੂਥਲ ਦੀ ਤਪਦੀ ਹਿੱਕ ਦਾ ਸੇਕ ਮੱਠਾ ਪੈ ਰਿਹਾ ਹੋਵੇ । ਇੱਕ ਅਜੀਬ ਜਿਹੇ ਆਨੰਦ ਦਾ ਅਹਿਸਾਸ ਕਰਵਾਉਂਦਾ ਹੈ ।

ਸਤਿੰਦਰ ਦਾ ਜਨਮ ਪੰਜਾਬ ਦੇ ਪਿੰਡ ਬਜਰੌਰ (ਹੁਸਿ਼ਆਰਪੁਰ) ਵਿਖੇ 31 ਅਗਸਤ ਨੂੰ ਹੋਇਆ । ਜਦ ਪਿਤਾ ਸ੍ਰ. ਬਲਵਿੰਦਰ ਸਿੰਘ ਤੇ ਮਾਤਾ ਸਤਨਾਮ ਕੌਰ ਨੇ ਸੁੱਖਾਂ ਲੱਧੇ ਇਸ ਪੁੱਤਰ ਦਾ ਨਾਮ ਸਤਿੰਦਰ ਸਿੰਘ ਰੱਖਿਆ ਸੀ ਤਾਂ ਕੌਣ ਜਾਣਦਾ ਸੀ ਕਿ ਜਵਾਨੀ ਦੀ ਦੇਹਰੀ ਤੇ ਪੈਰ ਧਰਦਿਆਂ ਹੀ ਸਤਿੰਦਰ, ਸਤਿੰਦਰ ਸਰਤਾਜ ਬਣਕੇ ਮਾਪਿਆਂ ਨੂੰ ਏਨਾਂ ਮਾਣ, ਏਨੀ ਇੱਜ਼ਤ ਤੇ ਏਨੀਆਂ ਖੁਸ਼ੀਆਂ ਦੇਵੇਗਾ ਕਿ ਝੋਲੀਆਂ ਛੋਟੀਆਂ ਪੈ ਜਾਣਗੀਆਂ । ਸਤਿੰਦਰ ਨੇ ਬਚਪਨ ਵਿੱਚ ਹੀ ਬਾਲ ਸਭਾਵਾਂ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ । ਸਮਾਂ ਵਿਹਾ ਕੇ, ਅੰਞਾਣੀ ਉਮਰ ਚ ਲੱਗੇ ਗਾਉਣ ਦੇ ਸ਼ੌਂਕ ਤੋਂ, ਸੂਫ਼ੀ ਗਾਇਨ ਦੀ ਅਜਿਹੀ ਚੇਟਕ ਲੱਗੀ ਕਿ ਉਸਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਸੂਫ਼ੀ ਗਾਇਨ ਵਿੱਚ ਐਮ. ਫਿਲ. ਤੇ ਪੀ.ਐਚ.ਡੀ. ਕੀਤੀ । ਇਸ ਤੋਂ ਪਹਿਲਾਂ ਸੰਗੀਤ ਵਿੱਚ ਗ੍ਰੈਜੂਏਸ਼ਨ ਕਰਨ ਦੇ ਨਾਲ ਨਾਲ ਕਲਾਸੀਕਲ ਮਿਊਜ਼ਕ ਦਾ ਪੰਜ ਸਾਲਾ ਡਿਪਲੋਮਾ ਕੀਤਾ ਤੇ ਸੰਗੀਤ ਵਿੱਚ ਹੀ ਮਾਸਟਰ ਡਿਗਰੀ ਹਾਸਲ ਕੀਤੀ । ਹੁਣ ਉਹ ਪਿਛਲੇ ਕੁਝ ਵਰ੍ਹਿਆਂ ਤੋਂ ਪੰਜਾਬ ਯੂਨੀਵਰਸਿਟੀ ਵਿਖੇ ਹੀ ਵਿਦਿਆਰਥੀਆਂ ਨੂੰ ਸੰਗੀਤ ਦੀ ਸਿੱਖਿਆ ਦੇ ਰਿਹਾ ਹੈ । ਡਾਕਟਰ ਸਤਿੰਦਰ ਸਰਤਾਜ ਨੂੰ ਗਾਉਣ ਤੋਂ ਇਲਾਵਾ ਸ਼ਾਇਰੀ ਦਾ ਵੀ ਸ਼ੌਂਕ ਹੈ । ਉਹ ਸੂਫ਼ੀਆਨਾ ਦੇ ਆਸ਼ਕਾਂ ਦੀ ਰੂਹ ਨੂੰ ਆਪਣੇ ਹੀ ਲਿਖੇ ਸੱਜਰੇ ਗੀਤਾਂ ਤੇ ਨਜ਼ਮਾਂ ਦੇ ਗਾਇਨ ਰਾਹੀਂ ਸ਼ਰਸ਼ਾਰ ਕਰਦਾ ਹੈ । ਸਰਤਾਜ ਦਾ ਵਿਸ਼ਵਾਸ ਹੈ ਕਿ ਜੇਕਰ ਕੋਈ ਗਾਇਕ ਖੁਦ ਸ਼ਾਇਰੀ ਵੀ ਕਰਦਾ ਹੈ ਤਾਂ ਉਹ ਆਪਣੀਆਂ ਭਾਵਨਾਵਾਂ ਨੂੰ ਬੇਹਤਰ ਰੂਪ ਵਿੱਚ ਪੇਸ਼ ਕਰ ਸਕਦਾ ਹੈ । ਸ਼ਾਇਰੀ ਵਿੱਚ ਹੋਰ ਜਿ਼ਆਦਾ ਪਰਪੱਕਤਾ ਲਿਆਉਣ ਤੇ ਸੂਫ਼ੀ ਸ਼ਾਇਰੀ ਦੀਆਂ ਡੂੰਘਾਈਆਂ ਸਮਝਣ ਲਈ ਉਸਨੇ ਫਾਰਸੀ ਜ਼ੁਬਾਨ ਦਾ ਸਰਟੀਫਿਕੇਟ ਕੋਰਸ ਤੇ ਡਿਪਲੋਮਾ ਵੀ ਕੀਤਾ । ਗੌਰਤਲਬ ਹੈ ਕਿ ਸਰਤਾਜ ਪਹਿਲਾ ਉਹ ਗਾਇਕ ਹੈ, ਜੋ ਕਿ ਵਿੱਦਿਅਕ ਤੌਰ ਤੇ ਏਨਾ ਅਮੀਰ ਹੈ, ਤੇ ਉਸਨੇ ਸਮੁੱਚੀ ਵਿੱਦਿਆ ਵੀ ਸੰਗੀਤ ਦੀ ਹਾਸਿਲ ਕੀਤੀ । ਜ਼ਾਹਿਰ ਜਿਹੀ ਗੱਲ ਹੈ ਕਿ ਜਿਸ ਗਾਇਕ ਜਾਂ ਸ਼ਾਇਰ ਨੇ ਏਨੀ ਉੱਚਕੋਟੀ ਦੀ ਵਿੱਦਿਆ ਹਾਸਲ ਕੀਤੀ ਹੋਵੇ, ਉਹ ਸਾਡੀ ਸਰੋਤਿਆਂ ਦੀ ਸੰਗੀਤ ਦੀ ਭੁੱਖ, ਉਮੀਦ ਨਾਲੋਂ ਵੱਧ ਤੇ ਸਾਡੀ ਸੋਚ ਨਾਲੋਂ ਵੱਧ ਸੁਚੱਜੇ ਢੰਗ ਨਾਲ਼ ਸ਼ਾਂਤ ਕਰੇਗਾ । ਜੇਕਰ ਸਰਤਾਜ ਚਾਹੁੰਦਾ ਤਾਂ ਏਨੀ ਉੱਚੀ ਵਿੱਦਿਆ ਹਾਸਿਲ ਕਰਕੇ ਪੌਪ ਸਿੰਗਰ ਜਾਂ ਫਿਲਮੀ ਗਾਇਕੀ ਦੇ ਰਸਤੇ ਤੇ ਚੱਲ ਸਕਦਾ ਸੀ, ਜਿੱਥੇ ਸ਼ੌਹਰਤ ਦੇ ਨਾਲ਼-ਨਾਲ਼ ਦੌਲਤ ਵੀ ਬੇਹਿਸਾਬ ਹੈ, ਪ੍ਰੰਤੂ ਉਸਨੇ ਆਪਣੀ ਅੰਤਰ-ਆਤਮਾ ਦੀ ਗੱਲ ਸੁਣਦਿਆਂ ਮਹਾਨ ਸੂਫ਼ੀ ਸੰਤਾਂ ਬਾਬਾ ਫ਼ਰੀਦ ਜੀ, ਬੁੱਲੇ ਸ਼ਾਹ ਜੀ, ਸੁਲਤਾਨ ਬਾਹੂ ਜੀ ਤੇ ਬਾਬਾ ਸ਼ਾਹ ਹੁਸੈਨ ਜੀ ਦੇ ਦਿਖਾਏ ਮਾਰਗ ਤੇ ਚੱਲਣ ਦਾ ਫੈਸਲਾ ਕੀਤਾ ਤੇ ਸੂਫ਼ੀਆਨਾ ਨੂੰ ਛੋਂਹਦੀ ਹੋਈ ਸ਼ਾਇਰੀ ਤੇ ਸੰਗੀਤ ਨੂੰ ਚੁਣਿਆ ।

ਸਰਤਾਜ ਕਈ ਦੇਸ਼ਾਂ ਵਿੱਚ ਆਪਣੀ ਕਲਾ ਦਾ ਜਾਦੂ ਦਿਖਾ ਚੁੱਕਿਆ ਹੈ, ਤੇ ਸੰਗੀਤ ਦੀ ਦੁਨੀਆਂ ਵਿੱਚ ਗੰਭੀਰਤਾ ਨਾਲ਼ ਸੋਚਣ ਵਾਲਾ ਨਾਮ ਬਣ ਚੁੱਕਿਆ ਹੈ । ਪਿੱਛੇ ਜਿਹੇ ਕੈਨੇਡਾ ਚ ਹੋਏ ਉਸਦੇ ਅਠਾਰਾਂ ਦੇ ਅਠਾਰਾਂ ਸ਼ੋਅ ਹਾੳਸ ਫੁੱਲ ਗਏ ਹਨ । ਭਾਰਤੀ ਸੰਗੀਤ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਟੋਰਾਂਟੋ ਚ ਕਿਸੇ ਕਲਾਕਾਰ ਦੇ ਇਕੱਠੇ ਪੰਜ ਸ਼ੋਅ ਹੋਏ ਹੋਣ ਤੇ ਉਹ ਵੀ ਸਾਰੀਆਂ ਦੀਆਂ ਸਾਰੀਆਂ ਟਿਕਟਾਂ ਵਿਕੀਆਂ ਹੋਈਆਂ ਹੋਣ । ਉਸਦੇ ਸ਼ੋਅ ਦੀਆਂ ਟਿਕਟਾਂ ਸਿਰਫ਼ 1 ਘੰਟਾ 35 ਮਿੰਟ ਦੇ ਰਿਕਾਰਡ ਟਾਈਮ ਚ ਵਿਕ ਗਈਆਂ । ਜਦੋਂ ਕੈਨੇਡਾ ਵਾਸੀਆਂ ਦੀ ਰੂਹ ਦੀ ਭੁੱਖ ਅਠਾਰਾਂ ਸੋ਼ਆਂ ਨਾਲ ਵੀ ਸ਼ਾਂਤ ਨਾ ਹੋਈ ਤਾਂ ਉਨ੍ਹਾਂ ਨੇ ਡਿਨਰ ਪਾਰਟੀਆਂ ਆਯੋਜਿਤ ਕੀਤੀਆਂ, ਜਿਨ੍ਹਾਂ ਚ ਸਰਤਾਜ ਨੇ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾ । ਇਨ੍ਹਾਂ ਡਿਨਰ ਪਾਰਟੀਆਂ ਚ ਵੀ ਐਂਟਰੀ ਟਿਕਟ ਰਾਹੀਂ ਸੀ ।

ਸਰਤਾਜ ਸਾਦਗੀ ਪਸੰਦ ਸਖਸ਼ੀਅਤ ਦਾ ਨਾਮ ਹੈ । ਇਹ ਅਟਲ ਸਚਾਈ ਹੈ ਕਿ ਔਖੀ ਸ਼ਬਦਾਵਲੀ ਦੀ ਵਰਤੋਂ ਕਰਕੇ ਸ਼ਾਇਰੀ ਕਰਨੀ ਸੌਖੀ ਹੈ ਤੇ ਸੌਖੀ ਸ਼ਬਦਾਵਲੀ ਦੀ ਵਰਤੋਂ ਕਰਕੇ ਆਮ ਸਰੋੇਤੇ ਤੱਕ ਪਹੁੰਚ ਕਰਨੀ ਔਖਾ ਕੰਮ ਹੈ । ਕਈ ਸ਼ਾਇਰ ਆਪਣੀ ਸ਼ਾਇਰੀ ਵਿੱਚ ਉਰਦੂ ਆਦਿ ਦੇ ਔਖੇ ਸ਼ਬਦਾਂ ਦਾ ਇਸਤੇਮਾਲ ਕਰਦੇ ਹਨ, ਜਿਸ ਨਾਲ਼ ਉਹ ਆਮ ਬੰਦੇ ਦੀ ਪਹੁੰਚ ਜਾਂ ਸਮਝ ਤੋਂ ਬਾਹਰ ਹੋ ਜਾਂਦੇ ਹਨ ਪਰ ਸਰਤਾਜ ਦੀ ਕੋਸਿ਼ਸ਼ ਹੈ ਕਿ ਮਹਿਫਿ਼ਲ ਵਿੱਚ ਬੈਠਿਆਂ ਹਰ ਕੋਈ ਉਸ ਨਾਲ਼ ਗਾ ਸਕੇ । ਉਸਦੀ ਸ਼ਾਇਰੀ ਬੜੀ ਆਸਾਨੀ ਨਾਲ਼ ਆਮ ਬੰਦੇ ਦੀ ਸਮਝ ਵਿੱਚ ਆ ਜਾਂਦੀ ਹੈ । ਸਰਤਾਜ ਸੋਚਦਾ ਹੈ ਕਿ ਗਾਇਕੀ ਵਿੱਚ ਸਾਦਗੀ ਸਰੋਤਿਆਂ ਨੂੰ ਆਕਰਸਿ਼ਤ ਕਰਦੀ ਹੈ । ਉਸ ਅਨੁਸਾਰ ਸ਼ਾਇਰੀ ਸਿੱਖੀ ਨਹੀਂ ਜਾ ਸਕਦੀ । ਇਹ ਤਾਂ ਹੀ ਆਪਣੇ ਅੰਦਰ ਪੈਦਾ ਹੁੰਦੀ ਹੈ, ਜੇਕਰ ਕੁਦਰਤ ਨੇ ਜਜ਼ਬਾਤ ਸਮਝਣ ਦੀ ਭਾਵਨਾ ਬਖ਼ਸ਼ੀ ਹੋਵੇ । ਕੁਝ ਅਜਿਹੀ ਹੀ ਫਿ਼ਦਰਤ ਸਰੋਤਿਆਂ ਦੀ ਵੀ ਹੋਣੀ ਜ਼ਰੂਰੀ ਹੈ, ਉਨ੍ਹਾਂ ਵਿੱਚ ਵੀ ਸੁਨਣ ਦਾ ਜਜ਼ਬਾ ਹੋਣਾ ਚਾਹੀਦਾ ਹੈ ।

ਭਾਵੇਂ ਲੱਖ ਲਫ਼ਜਾਂ ਨੂੰ ਪੀੜਾਂ ਚ ਪਰੋ ਲਵੇ
ਲੱਖ ਸੁਰਾਂ ਵੀ ਵੈਰਾਗ ਦੀਆਂ ਛੋਹ ਲਵੇ
ਭਾਵੇਂ ਗਾਵੇ ਸਰਤਾਜ ਪੂਰਾ ਭਿੱਜ ਕੇ
ਭਾਵੇਂ ਗੀਤ ਨਾਲ਼ ਇੱਕ ਮਿਕ ਹੋ ਲਵੇ
ਜਦੋਂ ਮਨ ਕਿਤੇ ਹੋਰ ਹੈ ਸਰੋਤੇ ਦਾ
ਗਵੱਈਆ ਮਾਣ ਮੱਤਾ ਕੀ ਕਰੂ ?

ਦੇਸ਼ ਵਿਦੇਸ਼ ਦੇ ਲੱਖਾਂ ਦਿਲਾਂ ਦੀ ਧੜਕਣ ਬਣਦਾ ਜਾ ਰਿਹਾ ਸਰਤਾਜ ਖੁਦ ਜਨਾਬ ਨੁਸਰਤ ਫਤਿਹ ਅਲੀ ਖ਼ਾਨ ਸਾਹਿਬ ਤੋਂ ਪ੍ਰਭਾਵਿਤ ਹੈ । ਖੁਦ ਸ਼ਾਇਰੀ ਕਰਨ ਤੋਂ ਪਹਿਲਾਂ ਸਤਿੰਦਰ ਨੇ ਖ਼ਾਨ ਸਾਹਿਬ ਦੇ ਗੀਤ ਗਾ ਕੇ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਪੱਧਰ ਦੀਆਂ ਪ੍ਰਤੀਯੋਗਿਤਾਵਾਂ ਜਿੱਤੀਆਂ ਹਨ । ਲੋਕਾਂ ਦੁਆਰਾ ਸਰਤਾਜ ਨੂੰ ਮਿਲਣ ਦੀ ਚਾਹਤ, ਫੋਟੋਗਰਾਫ਼ੀ ਤੇ ਆਟੋਗ੍ਰਾਫ਼ ਆਦਿ ਦੇ ਪਲਾਂ ਨੂੰ ਉਹ ਪ੍ਰਮਾਤਮਾ ਦੀ ਬਖਸਿ਼ਸ਼ ਮੰਨਦਾ ਹੈ । ਲੋਕਾਂ ਦੁਆਰਾ ਦਿੱਤੇ ਜਾ ਰਹੇ ਪਿਆਰ ਤੇ ਸਤਿਕਾਰ ਕਾਰਣ, ਉਹ ਸਰੋਤਿਆਂ ਪ੍ਰਤੀ ਆਪਣੀਆਂ ਜਿੰਮੇਵਾਰੀਆਂ ਨੂੰ ਹੋਰ ਜਿ਼ਆਦਾ ਸਿ਼ੱਦਤ ਨਾਲ਼ ਮਹਿਸੂਸ ਕਰਦਾ ਹੈ ਤੇ ਉਹਨਾਂ ਦੀਆਂ ਆਸਾਂ ਤੇ ਉਮੀਦਾਂ ਤੇ ਖਰਾ ਉਤਰਣ ਦੇ ਵਾਅਦੇ ਆਪਣੇ ਆਪ ਨਾਲ਼ ਕਰਦਾ ਹੈ । ਅਜੋਕੇ ਸਮੇਂ ਵਿੱਚ ਪੰਜਾਬੀ ਗਾਇਕੀ ਵਿੱਚ ਦਿਨ-ਬ-ਦਿਨ ਆ ਰਹੇ ਨਿਘਾਰ ਦਾ ਕਾਰਣ ਸੋਚ ਹੈ । ਉਸ ਦੇ ਵਿਚਾਰ ਅਨੁਸਾਰ ਜੇਕਰ ਲੋਕ ਸੁਣਦੇ ਹਨ ਤਾਂ ਹੀ ਗਾਇਕ ਗਾ ਰਹੇ ਹਨ । ਕਿਸੇ ਇੱਕ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ । ਸਭ ਨੂੰ ਆਪਣੀ ਸੋਚ ਬਦਲਣੀ ਪਵੇਗੀ । ਇੱਕ ਗੱਲ ਹੋਰ ਹੈ ਕਿ ਜੇਕਰ ਸਰੋਤੇ ਇਸ ਤਰ੍ਹਾਂ ਦੀ ਗਾਇਕੀ ਪਸੰਦ ਕਰਨਗੇ ਤਾਂ ਹੋ ਸਕਦਾ ਹੈ ਕਿ ਹੋਰ ਗਾਇਕ ਵੀ ਅਜਿਹੀ ਸਾਫ਼-ਸੁਥਰੀ ਗਾਇਕੀ ਦੇ ਰਾਹ ਤੇ ਤੁਰ ਪੈਣ ਤੇ ਪੰਜਾਬੀ ਗਾਇਕੀ ਦੇ ਮਿਆਰ ਦਾ ਲਗਾਤਾਰ ਗਿਰਦਾ ਜਾ ਰਿਹਾ ਗ੍ਰਾਫ਼ ਸੰਭਲ ਜਾਵੇ । ਸਰਤਾਜ ਅਨੁਸਾਰ ਖ਼ਾਸ ਤੌਰ ਤੇ ਵਿਦੇਸ਼ਾਂ ਵਿੱਚ ਬੱਚਿਆਂ ਨੂੰ ਆਪਣੀ ਮਾਂ-ਬੋਲੀ ਪੰਜਾਬੀ ਨਾਲ਼ ਜੋੜਨ ਦੇ ਉਪਰਾਲੇ ਕਰਨ ਦੀ ਲੋੜ ਹੈ । ਜਿਸਦੇ ਤਹਿਤ ਬੱਚਿਆਂ ਨੂੰ ਉਹਨਾਂ ਦੀ ਪਸੰਦ ਅਨੁਸਾਰ ਪੰਜਾਬੀ ਵਿੱਚ ਕਿਤਾਬਾਂ ਮੁਹੱਈਆ ਕਰਵਾਉਣਾ ਪਹਿਲਾ ਤੇ ਮਹੱਤਵਪੂਰਣ ਕੰਮ ਹੈ ।

ਜਿੱਥੇ ਕਿ ਸ਼ਾਇਰ ਜਾਂ ਲੇਖਕ ਆਪਣੇ ਨਾਮ ਨਾਲ ਨਿਮਾਣਾ ਜਾਂ ਵਿਚਾਰਾ ਆਦਿ ਤਖੱਲਸ ਲਗਾਉਂਦੇ ਹਨ, ਡਾਕਟਰ ਸਤਿੰਦਰ ਸਿੰਘ ਨੇ ਆਪਣੇ ਨਾਮ ਨਾਲ਼ ਸਰਤਾਜ ਲਿਖ ਕੇ ਆਪਣੇ ਆਪ ਨੂੰ ਚਣੌਤੀ ਪੇਸ਼ ਕੀਤੀ ਤੇ ਥੋੜੇ ਸਮੇਂ ਦੌਰਾਨ ਲੋਕਾਂ ਦੇ ਦਿਲਾਂ ਚ ਵੱਸ ਕੇ ਵਾਕਈ ਹੀ ਸਭ ਦੇ ਸਿਰ ਦਾ ਤਾਜ ਬਣ ਬੈਠਾ । ਜਿਸ ਅੱਲ੍ਹੜ ਉਮਰੇ ਵਿਦਿਆਰਥੀ ਆਪਣੀ ਜਿੰਦਗੀ ਦੇ ਹਸੀਨ ਪਲਾਂ ਦਾ ਆਨੰਦ ਉਠਾਉਂਦੇ ਹਨ, ਸਤਿੰਦਰ ਨੇ ਉਹ ਪਲ ਲਾਇਬਰੇਰੀ ਚ ਪੁਸਤਕਾਂ ਦੀ ਸੰਗਤ ਵਿਚ ਗੁਜ਼ਾਰੇ । ਪੜ੍ਹਿਆ... ਪੜ੍ਹਿਆ... ਤੇ ਸਿਰਫ਼ ਪੜ੍ਹਿਆ... । ਸਤਿੰਦਰ ਨੂੰ ਵੀ ਇਸ ਗੱਲ ਦਾ ਮਾਣ ਹੈ ਕਿ ਉਸਨੇ ਵਕਤ ਜ਼ਾਇਆ ਨਾ ਕਰਕੇ, ਉਸਦੀ ਕਦਰ ਤੇ ਭਰਪੂਰ ਇਸਤੇਮਾਲ ਕੀਤਾ ਤੇ ਅੱਜ ਵਕਤ ਉਸਦੀ ਕਦਰ ਕਰ ਰਿਹਾ ਹੈ । ਅੱਜ ਸੰਜੀਦਾ ਉਮਰ ਦੇ ਸਰੋਤਿਆਂ ਦੇ ਨਾਲ਼-ਨਾਲ਼ ਨੌਜਵਾਨ ਪੀੜ੍ਹੀ ਵੀ ਸਰਤਾਜ ਨੂੰ ਪਸੰਦ ਕਰ ਰਹੀ ਹੈ, ਕਿਉਂ ਜੋ ਉਹ ਆਪਣੀ ਸ਼ਾਇਰੀ ਤੇ ਧੁਨਾਂ ਵਿੱਚ ਅਜਿਹੀਆਂ ਗੱਲਾਂ ਦਾ ਧਿਆਨ ਰੱਖਦਾ ਹੈ ਕਿ ਹਰ ਉਮਰ ਵਰਗ ਨੂੰ ਆਪਣੇ ਨਾਲ ਜੋੜ ਸਕੇ ।

ਸਰਤਾਜ ਨੂੰ 2003 ਵਿੱਚ ਦੁਬਈ ਵਿਖੇ ਹੋਏ 32 ਦੇਸ਼ਾਂ ਦੇ ਸੱਭਿਆਚਾਰਕ ਮੇਲੇ ਵਿੱਚ ਬੈਸਟ ਸੂਫ਼ੀ ਸਿੰਗਰ ਦਾ ਐਵਾਰਡ ਮਿਲ ਚੁੱਕਾ ਹੈ । ਪੰਜਾਬ ਦੇ ਸਭ ਤੋਂ ਵੱਡੇ ਸੱਭਿਆਚਾਰਕ ਮੇਲੇ ਮੋਹਨ ਸਿੰਘ ਯਾਦਗਾਰੀ ਮੇਲਾ ਵਿੱਚ ਨਜ਼ਾਕਤ ਅਲੀ ਸਲਾਮਤ ਅਲੀ (ਕਲਾਸੀਕਲ ਸਿੰਗਰ) ਐਵਾਰਡ, ਰੋਟਰੈਕਟ ਕਲੱਬ ਵੱਲੋਂ ਯੂਥ ਆਇਕਨ ਐਵਾਰਡ ਤੇ ਕੈਨੇਡਾ ਦੇ ਹਰ ਸ਼ਹਿਰ ਵਿੱਚ ਉਸਦਾ ਸਨਮਾਨ ਹੋਇਆ ਹੈ । ਉਸਨੇ ਜ਼ੀ ਟੈਲੀਵੀਜ਼ਨ ਦੇ ਮਸ਼ਹੂਰ ਪ੍ਰੋਗਰਾਮ ਜ਼ੀ ਅੰਤਾਕਸ਼ਰੀ ਵਿੱਚ ਅਨੂੰ ਕਪੂਰ ਦੇ ਨਾਲ਼ ਮਹਿਮਾਨ ਕਲਾਕਾਰ ਦੇ ਤੌਰ ਤੇ ਸਿ਼ਰਕਤ ਕੀਤੀ । ਸਰਤਾਜ ਨੇ ਭਾਰਤ ਸਰਕਾਰ ਦੇ ਭਾਰਤੀ ਸੱਭਿਆਚਾਰ ਨਾਲ਼ ਸੰਬੰਧਿਤ ਅਦਾਰੇ ਤੋਂ ਸਕਾਲਰਸਿ਼ਪ ਹਾਸਲ ਕੀਤੀ ਤੇ 24ਵੇਂ ਸਰਬ-ਭਾਰਤੀ ਸੰਗੀਤ ਮੁਕਾਬਲੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ । ਵੱਖ-ਵੱਖ ਅਦਾਰਿਆਂ, ਕਾਲਜਾਂ ਤੇ ਯੂਨੀਵਰਸਿਟੀਆਂ ਵੱਲੋਂ ਕਰਵਾਏ ਗਏ ਸੰਗੀਤ ਮੁਕਾਬਲਿਆਂ ਵਿੱਚ ਉਹ ਜੱਜ ਦੀ ਭੂਮਿਕਾ ਅਦਾ ਕਰ ਚੁੱਕਾ ਹੈ । ਸਤਿੰਦਰ ਸਰਤਾਜ ਨੇ ਪੰਜਾਬ ਹੈਰੀਟੇਜ ਫਾਊਂਡੇਸ਼ਨ ਵੱਲੋਂ ਕਰਵਾਏ ਗਏ ਸੰਗੀਤ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ । ਉਸਨੇ ਵਾਰਿਸ ਸ਼ਾਹ ਤੇ ਬਣੀ ਡਾਕੂਮੈਂਟਰੀ ਫਿਲਮ ਵਿੱਚ ਵੀ ਗਾਇਨ ਕੀਤਾ ।

ਮਧੁਰ ਆਵਾਜ਼ ਦਾ ਮਾਲਕ ਸਤਿੰਦਰ ਜਦ ਮਹਿਫਿ਼ਲ ਦਾ ਆਗਾਜ਼ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਸਟੇਜ ਤੇ ਸਜਾਏ ਗਏ ਸਾਜ਼ਾਂ ਨੂੰ ਸਿਰ ਨਿਵਾ ਕੇ ਨਮਸਕਾਰ ਕਰਦਾ ਹੈ । ਮੁੜ ਚੌਂਕੜਾ ਮਾਰ ਸਮਾਧੀ ਚ ਬੈਠੇ ਕਿਸੇ ਗਿਆਨੀ ਧਿਆਨੀ ਸਾਧੂ ਵਾਂਗ ਆਪਣਾ ਸੰਗੀਤ ਰੂਪੀ ਧੂਣਾ ਧੁਖਾਉਂਦਾ ਹੈ । ਵਾਰਿਸ ਸ਼ਾਹ ਵਰਗੀ ਪੁਸ਼ਾਕ ਪਹਿਨੀ ਬੈਠਾ ਸਰਤਾਜ ਅਜਿਹੇ ਸਮੇਂ ਜਦ ਸਿ਼ਅਰ ਬੋਲਦਾ ਹੈ ਤਾਂ ਸਾਖਸ਼ਾਤ ਵਾਰਿਸ ਸ਼ਾਹ ਦਾ ਵਾਰਿਸ ਹੀ ਜਾਪਦਾ ਹੈ । ਧੀਰ ਗੰਭੀਰ ਸਰਤਾਜ ਦੇ ਚਿਹਰੇ ਤੇ ਕਦੀ ਗੰਭੀਰਤਾ ਆਪਣਾ ਪ੍ਰਛਾਵਾਂ ਦਿਖਾਉਂਦੀ ਹੈ ਤੇ ਕਦੇ ਚੰਚਲ ਮੁਸਕਾਨ ਆਪਣਾ ਡੇਰਾ ਪਾ ਲੈਂਦੀ ਹੈ । ਸਭ ਤੋਂ ਪਹਿਲਾਂ ਉਹ ਪਰਮ ਪਿਤਾ ਪ੍ਰਮੇਸ਼ਵਰ ਦੇ ਚਰਨ-ਕਮਲਾਂ ਵਿੱਚ ਆਪਣੀ ਪ੍ਰਾਰਥਨਾ ਕਰਦਾ ਹੈ, ਆਪਣੇ ਕਲਾਮ ਸਾਈਂ ਨਾਲ...

ਸਾਈਂ ਵੇ... ਸਾਡੀ ਫਰਿਆਦ ਤੇਰੇ ਤਾਈਂ
ਸਾਈਂ ਵੇ... ਬਾਹੋਂ ਫੜ ਬੇੜਾ ਬੰਨੇ ਲਾਈਂ
ਸਾਈਂ ਵੇ... ਮੇਰਿਆਂ ਗੁਨਾਹਾਂ ਨੂੰ ਲੁਕਾਈਂ
ਸਾਈਂ ਵੇ... ਹਾਜ਼ਰਾ ਹਜ਼ੂਰ ਵੇ ਤੂੰ ਆਈਂ

ਕਲਾਮ ਜਦ ਆਪਣੇ ਸਿਖ਼ਰ ਤੇ ਪਹੁੰਚਦਾ ਹੈ ਤਾਂ ਮਹਿਫਿ਼ਲ ਚ ਜੁੜੇ ਸਰੋਤੇ ਆਨੰਦ ਦੀ ਰੌਂਅ ਵਿੱਚ ਵਹਿ ਜਾਂਦੇ ਹਨ । ਆਪਣੇ ਪਹਿਲੇ ਹੀ ਕਲਾਮ ਨਾਲ਼ ਸਭ ਨੂੰ ਕੀਲ ਲੈਂਦਾ ਹੈ ਸਰਤਾਜ । ਮੁੜ ਤਾਂ ਆਨੰਦ ਹੀ ਆਨੰਦ । ਦੋ ਹੀ ਗੱਲਾਂ ਹੁੰਦੀਆਂ ਨੇ, ਇੱਕ ਤਾਂ ਸਤਿੰਦਰ ਦੀ ਸ਼ਾਇਰੀ ਤੇ ਦੂਜੀਆਂ ਦਰਸ਼ਕਾਂ ਦੀਆਂ ਤਾੜੀਆਂ ਤੇ ਦਾਦ । ਦੋਨੋ ਇੱਕ ਦੂਜੇ ਦੇ ਪੂਰਕ ਬਣ ਜਾਂਦੇ ਹਨ । ਸਤਿੰਦਰ ਆਪਣੇ ਸਰੋਤਿਆਂ ਨੂੰ ਆਨੰਦ ਦੇ ਸਾਗਰ ਚ ਅਜਿਹੀਆਂ ਡੁੱਬਕੀਆਂ ਲਵਾਉਂਦਾ ਹੈ ਕਿ ਪਤਾ ਹੀ ਨਹੀਂ ਚੱਲਦਾ ਕਿ ਵਾਪਰ ਕੀ ਰਿਹਾ ਹੈ । ਬੱਸ ! ਸਮਾਂ ਹੀ ਰੁਕ ਜਾਂਦਾ ਹੈ । ਕਿਸੇ ਵੀ ਫ਼ਨਕਾਰ ਦੀ ਜਿੰਦਗੀ ਦੇ ਸਭ ਤੋਂ ਅਨਮੋਲ ਪਲ ਉਹ ਹੁੰਦੇ ਨੇ, ਜਦ ਮਹਿਫਲਾਂ ਵਿੱਚ ਹੌਸਲਾ ਅਫ਼ਜ਼ਾਈ ਹੁੰਦੀ ਹੈ, ਤਾੜੀਆਂ ਵੱਜਦੀਆਂ ਹਨ । ਸਰਤਾਜ ਦੀ ਜਿੰਦਗੀ ਦੇ ਯਾਦਗਾਰ ਪਲ ਵੀ ਅਜਿਹੇ ਹੀ ਹੁੰਦੇ ਨੇ, ਪਰ ਉਹ ਕਹਿੰਦਾ ਹੈ ਕਿ ਅਜੇ ਤਾਂ ਸੰਘਰਸ਼ ਚੱਲ ਰਿਹਾ ਹੈ ।

ਇਹ ਲੇਖ ਲਿਖਣ ਤੋਂ ਪਹਿਲਾਂ ਸਰਤਾਜ ਦੀ ਗਾਇਕੀ ਨੂੰ ਨੇੜੇ ਤੋਂ ਜਾਨਣ ਲਈ ਕੱਲੇ ਬੈਠ, ਉਸਨੂੰ ਬਹੁਤ ਵਾਰੀ ਸੁਣਿਆ, ਮਹਿਸੂਸ ਕੀਤਾ । ਆਪਣੇ ਦਿਲੋ-ਦਿਮਾਗ ਨੂੰ ਖੁੱਲਾ ਛੱਡ ਦਿੱਤਾ, ਸਰਤਾਜ ਦੇ ਵਹਿਣ ਵਿੱਚ ਵਹਿਣ ਲਈ । ਸਰਤਾਜ ਦੇ ਨਾਲ਼-ਨਾਲ਼ ਫੁੱਲਾਂ ਦੇ ਬਾਗਾਂ, ਜੰਗਲਾਂ, ਬੇਲਿਆਂ ਚ ਖੂਬ ਘੁੰਮਿਆ, ਖੁੱਲੇ ਆਸਮਾਨ ਚ ਖੂਬ ਉਡਾਰੀਆਂ ਲਾਈਆਂ, ਡੂੰਘੇ ਸਮੁੰਦਰਾਂ ਚ ਖੂਬ ਤਾਰੀਆਂ ਲਾਈਆਂ । ਬੱਸ ਉਸਦੀ ਗਾਇਕੀ ਸੀ ਤੇ ਮੈਂ ਸਾਂ । ਜਦ ਉਸਦਾ ਅੰਮੀ ਕਲਾਮ ਸੁਣਿਆ ਤਾਂ ਫੁੱਟ-ਫੁੱਟ ਰੋਇਆ, ਮੇਰੀ ਮਾਂ ਪਲਾਂ-ਛਿਣਾਂ ਚ ਹੀ ਪੰਜਾਬ ਤੋਂ ਆ ਸਾਡੇ ਕੋਲ ਆ ਬੈਠੀ, ਮੈਂ ਉਸਦੀ ਆਮਦ ਨੂੰ, ਸਾਡੇ ਕੋਲ ਬੈਠਣ ਨੂੰ ਮਹਿਸੂਸ ਕਰ ਸਕਦਾ ਸਾਂ, ਪਰ ਉਸਨੂੰ ਛੂਹ ਨਹੀਂ ਸਕਦਾ ਸਾਂ, ਮਾਂ ਦਾ ਹੱਥ ਆਪਣੇ ਸਿਰ ਤੇ, ਆਪਣੇ ਚਿਹਰੇ ਤੇ ਫਿਰਦਾ ਹੋਇਆ ਦੇਖ ਤਾਂ ਰਿਹਾ ਸਾਂ ਪਰ ਉਸਦੀ ਛੋਹ ਮੇਰੇ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਸੀ । ਸਰਤਾਜ ਤਾਂ ਮੇਰੇ ਦਿਲ ਦਾ ਦਰਦ ਮੇਰੀਆਂ ਅੱਖਾਂ ਰਾਹੀਂ ਬਾਹਰ ਵਗਾ ਰਿਹਾ ਸੀ, ਪਰ ਪੰਜਾਬ ਬੈਠੀਆਂ ਹਜ਼ਾਰਾਂ ਮਾਵਾਂ ਦੇ ਦਰਦ ਨੂੰ ਮੈਂ ਸਮੁੰਦਰੋਂ ਪਾਰ ਬੈਠੀ ਆਪਣੀ ਮਾਂ ਦੇ ਚਿਹਰੇ ਤੇ ਦੇਖ ਰਿਹਾ ਸਾਂ ।
ਦੂਰੋਂ ਬੈਠ ਦੁਆਵਾਂ ਕਰਦੀ ਅੰਮੀ
ਦੁੱਖ ਸਾਡੇ ਲੇਖਾਂ ਦੇ ਜਰਦੀ ਅੰਮੀ
ਵਿਹੜੇ ਵਿੱਚ ਬੈਠੀ ਦਾ ਜੀ ਜਿਹਾ ਡੋਲੇ
ਸਾਨੂੰ ਨਾਂ ਕੁਝ ਹੋ ਜਾਏ, ਡਰਦੀ ਅੰਮੀ

ਪੰਜਾਬ ਚ ਵਗਦੇ ਨਸ਼ੇ ਦੇ ਦਰਿਆ ਨੂੰ ਠੱਲ੍ਹ ਪਾਉਣ ਦੇ ਉਪਰਾਲਿਆਂ ਚ ਉਸਦੇ ਵਿਚਾਰ ਅਨੁਸਾਰ ਮੀਡੀਆ ਵੱਲੋਂ ਅਜਿਹੇ ਪ੍ਰੋਗਰਾਮ ਦਿਖਾਣੇ ਚਾਹੀਦੇ ਨੇ, ਜਿਸ ਨਾਲ ਨੌਜਵਾਨਾਂ ਨੂੰ ਪ੍ਰੇਰਣਾ ਮਿਲੇ ।

ਓਹਦੀ ਦੀਦ ਵਾਲੀਆਂ ਸ਼ਰਾਬਾਂ ਮਿੱਠੀਆਂ
ਕਿਦਾਂ ਪਤਾ ਲੱਗੂ ਜੇ ਕਦੇ ਨਾ ਡਿੱਠੀਆਂ
ਇੱਕ ਅੱਧਾ ਘੁੱਟ ਪੀ ਕੇ ਦੇਖ ਤਾਂ ਸਹੀ
ਫੱਕਰਾਂ ਦੇ ਵਾਂਗ ਜੀ ਕੇ ਦੇਖ ਤਾਂ ਸਹੀ
ਐਵੇਂ ਪੀਈ ਜਾਨੈਂ ਸ਼ਰਾਬਾਂ ਕੌੜੀਆਂ
ਆਸ਼ਕਾਂ ਨੇ ਸਿੱਧੀਆਂ ਹੀ ਲਾਈਆਂ ਪੌੜੀਆਂ

ਤੇ ਜਦ ਸਰਤਾਜ ਗਾਉਂਦਾ ਹੈ...

ਮੇਰੀ ਹੀਰੀਏ, ਫਕੀਰੀਏ, ਨੀ ਸੋਹਣੀਏਂ
ਤੇਰੀ ਖੁਸ਼ਬੂ ਨਸ਼ੀਲੀ ਮਨਮੋਹਣੀਏ

ਯਾਦ ਆਵੇ ਤੇਰੀ ਜਦੋਂ ਦੇਖਾਂ ਚੰਦ ਮੈਂ
ਤੂੰ ਹੀ ਦਿਸੇਂ ਜਦੋਂ ਅੱਖਾਂ ਕਰਾਂ ਬੰਦ ਮੈਂ
ਮੈਨੂੰ ਲੱਗੇਂ ਰਾਧਾ ਤੂੰ ਤੇ ਲਾਲ ਨੰਦ ਮੈਂ
ਕਾਸ਼ ਤੈਨੂੰ ਵੀ ਹੋਵਾਂ ਐਦਾਂ ਪਸੰਦ ਮੈਂ

...ਸੁਣ ਕੇ ਸੱਚੇ ਸੁੱਚੇ ਆਸ਼ਕਾਂ ਦੀ ਯਾਦ ਆਉਂਦੀ ਹੈ । ਰਾਧਾ ਕ੍ਰਿਸ਼ਨ ਜਿਹਾ ਪਵਿੱਤਰ ਇਸ਼ਕ ਕਰਨ ਨੂੰ ਮਨ ਲੋਚਦਾ ਹੈ । ਕਿਸੇ ਆਪਣੇ ਲਈ ਫਨਾਂ ਹੋ ਜਾਣ ਨੂੰ ਦਿਲ ਕਰਦਾ ਹੈ । ਜਾਪਦਾ ਹੈ ਇਸ਼ਕ ਹੀ ਰੱਬ ਦੀ ਭਗਤੀ ਕਰਨ ਦਾ ਰਸਤਾ ਹੋਵੇ । ਸਰਤਾਜ ਅਜਿਹੇ ਪਵਿੱਤਰ ਇਸ਼ਕ ਦਾ ਵਰਨਣ ਕਰਦਾ ਹੈ ਕਿ ਜੇਕਰ ਆਸ਼ਕ ਆਪਣੇ ਇਸ਼ਟ ਨਾਲ਼ ਅਜਿਹਾ ਇਸ਼ਕ ਕਰੇ ਤਾਂ ਯਕੀਨਨ ਰੱਬ ਨੂੰ ਪਾ ਲਵੇਗਾ ।

ਉਸਨੇ ਅਜੇ ਲੰਬਾ ਸਫ਼ਰ ਤੈਅ ਕਰਨਾ ਹੈ । ਦੇਸ਼ ਜਾਂ ਵਿਦੇਸ਼ ਵਿੱਚ ਉਸਦੀਆਂ ਮਹਿਫਿ਼ਲਾਂ ਦੇ ਸਥਾਨ ਚੋਣਵੇਂ ਹੋ ਸਕਦੇ ਹਨ ਪਰ ਉਸਦੀ ਪਹੁੰਚ ਹਰ ਸ਼ਹਿਰ, ਹਰ ਪਿੰਡ, ਕਿਸਾਨ ਤੇ ਮਜ਼ਦੂਰ ਤੱਕ ਹੋਣੀ ਯਕੀਨੀ ਹੈ । ਜਾਪਦਾ ਹੈ ਕਿ ਉਹ ਸਮਾਂ ਦੂਰ ਨਹੀਂ ਕਿ ਜਿਵੇਂ ਕਿਸੇ ਸਮੇਂ ਹਰ ਨੌਜਵਾਨ ਦੀ ਜ਼ੁਬਾਨ ਤੇ ਹੀਰ ਨੇ ਆਪਣੀ ਪਹੁੰਚ ਕੀਤੀ ਸੀ, ਇੱਕੀਵੀਂ ਸਦੀ ਦੇ ਇਸ ਵਾਰਿਸ ਸ਼ਾਹ ਦੇ ਸਮੇਂ ਵਿੱਚ ਹਰ ਨੌਜਵਾਨ ਦਿਲ ਇਹੀ ਗੁਣਗੁਣਾਉਂਦਾ ਹੋਵੇ....

ਮੇਰੀ ਹੀਰੀਏ, ਫਕੀਰੀਏ, ਨੀ ਸੋਹਣੀਏਂ
ਤੇਰੀ ਖੁਸ਼ਬੂ ਨਸ਼ੀਲੀ ਮਨਮੋਹਣੀਏ...

ਪਰ ਇਸ ਲਈ ਸਰਤਾਜ ਦੁਆਰਾ ਬੜੀ ਮਿਹਨਤ ਕੀਤੀ ਜਾਣੀ ਬਾਕੀ ਹੈ....

Sponsored Links
Reply

Tags
21st, century, sartaj, satinder, shah, waris

Thread Tools
Display ModesPunjabiJunktion.Co.In tested by Norton Security PunjabiJunktion.Co.In tested by McAfee Security
All times are GMT +5.5. The time now is 08:46 AM. Ad Management plugin by PJ Tech TeamAd Management plugin by RedTyger